ਪੜਨਾਂਵ (Pronoun)

Published by on

ਕਿਸੇ ਵਾਕ ਵਿੱਚ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ: ਮੈਂ, ਅਸੀਂ, ਤੂੰ, ਤੁਸੀਂ, ਸਾਡਾ, ਤੁਹਾਡਾ, ਉਸਦਾ, ਇਸਦਾ, ਇਹ, ਉਹ, ਆਪਸ, ਜਿਨ੍ਹਾਂ, ਇਨ੍ਹਾਂ, ਜੋ, ਕੌਣ ਤੇ ਕਿਨ੍ਹਾਂ ਆਦਿ।

ਬੋਲੀ ਦੀ ਸੁੰਦਰਤਾ ਨੂੰ ਮੁੱਖ ਰੱਖਦਿਆਂ ਕਿਸੇ ਵਾਕ ਜਾਂ ਪੈਰੇ ਵਿੱਚ ਨਾਂਵ ਦੀ ਵਰਤੋਂ ਕੇਵਲ ਇਕ ਵਾਰ ਕੀਤੀ ਜਾਂਦੀ ਹੈ, ਇਸ ਲਈ ਉਸ ਦੀ ਥਾਂ ‘ਤੇ ਪੜਨਾਂਵ ਵਰਤਿਆ ਜਾਂਦਾ ਹੈ। ਪੜਨਾਂਵ ਵਰਤਣ ਦਾ ਲਾਭ ਇਹ ਹੁੰਦਾ ਹੈ ਕਿ ਜਿਹੜੇ ਨਾਂਵ ਵਾਕ ਵਿੱਚ ਪਹਿਲਾਂ ਆ ਚੁੱਕੇ ਹਨ, ਉਹਨਾਂ ਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਨਹੀਂ ਪੈਂਦੀ; ਜਿਵੇ: ਰਵੀ ਨੇ ਫੈਸਲਾ ਕਰ ਲਿਆ ਹੈ ਕਿ ਰਵੀ ਬਹੁਤ ਮਿਹਨਤ ਕਰੇਗਾ ਤੇ ਪਾਸ ਹੋ ਜਾਵੇਗਾ। ਰਵੀ ਦੇ ਇਸ ਫ਼ੈਸਲੇ ਨਾਲ ਰਵੀ ਦੇ ਮਾਪੇ ਤੇ ਅਧਿਆਪਕ ਖੁਸ਼ ਹਨ।

ਇਹਨਾਂ ਵਾਕਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲਗਦਾ ਹੈ ਕਿ ‘ਰਵੀ’ ਦਾ ਨਾਂਅ ਵਾਰ-ਵਾਰ ਆਇਆ ਹੈ ਜੋ ਭਾਸ਼ਾ ਦੀ ਰਵਾਨਗੀ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ। ਇਸ ਲਈ ਇਹਨਾਂ ਵਾਕਾਂ ਨੂੰ ਹੇਠ ਅਨੁਸਾਰ ਲਿਖਿਆ ਜਾਣਾ ਠੀਕ ਹੈ:
“ਰਵੀ ਨੇ ਫ਼ੈਸਲਾ ਕਰ ਲਿਆ ਹੈ ਕਿ ਉਹ ਬਹੁਤ ਮਿਹਨਤ ਕਰੇਗਾ ਤੇ ਪਾਸ ਹੋ ਜਾਵੇਗਾ। ਉਸ ਦੇ ਇਸ ਫ਼ੈਸਲੇ ਨਾਲ ਉਸ ਦੇ ਮਾਪੇ ਤੇ ਅਧਿਆਪਕ ਖੁਸ਼ ਹਨ।”

ਇਸ ਵਾਕ ਵਿੱਚ ‘ਉਹ’, ‘ਉਸ’ ਪੜਨਾਂਵ ਹਨ।

ਪੜਨਾਂਵ ਦੀਆਂ ਛੇ ਕਿਸਮਾਂ ਹਨ:

1 ਪੁਰਖ-ਵਾਚਕ ਪੜਨਾਂਵ (Personal Pronoun)
2 ਨਿੱਜ-ਵਾਚਕ ਪੜਨਾਂਵ (Reflexive Pronoun)
3 ਸੰਬੰਧ-ਵਾਚਕ ਪੜਨਾਂਵ (Relative Pronoun)
4 ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)
5 ਨਿਸ਼ਚੇ-ਵਾਚਕ ਪੜਨਾਂਵ (Demonstrative Pronoun)
6 ਅਨਿਸ਼ਚੇ-ਵਾਚਕ ਪੜਨਾਂਵ (Indefinite Pronoun)
1. ਪੁਰਖ-ਵਾਚਕ ਪੜਨਾਂਵ (Personal Pronoun)

ਜਿਹੜੇ ਪੜਨਾਂਵ ਕੇਵਲ ਵਿਅਕਤੀ/ ਪੁਰਖਾਂ ਦੇ ਨਾਵਾਂ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਪੁਰਖ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ: ਮੈਂ, ਮੈਂਨੂੰ, ਸਾਡਾ, ਅਸੀਂ, ਤੂੰ, ਤੁਸੀਂ, ਤੁਹਾਡਾ, ਉਸਦਾ, ਇਸਦਾ, ਇਹ, ਉਹ ਆਦਿ।ਪੁਰਖ-ਵਾਚਕ ਪੜਨਾਂਵ ਤਿੰਨ ਤਰ੍ਹਾਂ ਦੇ ਹੁੰਦੇ ਹਨ:

1. ਉੱਤਮ-ਪੁਰਖ (First Person): ਗੱਲ ਕਰਨ ਵਾਲੇ ਨੂੰ ਉੱਤਮ-ਪੁਰਖ ਕਿਹਾ ਜਾਂਦਾ ਹੈ; ਜਿਵੇਂ: ਮੈਂ, ਅਸੀਂ, ਮੈਨੂੰ, ਸਾਨੂੰ, ਸਾਡੇ, ਮੈਥੋਂ ਆਦਿ।

2. ਮੱਧਮ-ਪੁਰਖ (Second Person): ਜਿਸ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ-ਪੁਰਖ ਕਿਹਾ ਜਾਂਦਾ ਹੈ; ਜਿਵੇਂ: ਤੂੰ, ਤੁਸੀਂ, ਤੈਨੂੰ, ਤੁਹਾਨੂੰ, ਤੇਰਾ, ਤੁਹਾਡਾ, ਤੈਥੋਂ ਆਦਿ।

3. ਅੱਨਯ-ਪੁਰਖ (Third Person):ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅੱਨਯ-ਪੁਰਖ ਕਿਹਾ ਜਾਂਦਾ ਹੈ; ਜਿਵੇਂ: ਉਹ, ਇਹ, ਉਸ, ਇਨ੍ਹਾਂ, ਉਨ੍ਹਾਂ, ਆਦਿ।

ਮੈਂ ਤੈਨੂੰ ਕਿਹਾ ਸੀ ਕਿ ਉਹ ਬੜਾ ਚਲਾਕ ਹੈ।

ਇਸ ਵਾਕ ਵਿੱਚ:

ਮੈਂ —— ਉੱਤਮ-ਪੁਰਖ
ਤੈਨੂੰ——ਮੱਧਮ-ਪੁਰਖ
ਉਹ——ਅੱਨਯ-ਪੁਰਖ

2. ਨਿੱਜ-ਵਾਚਕ ਪੜਨਾਂਵ (Reflexive Pronoun)

ਜਿਹੜੇ ਪੜਨਾਂਵ ਵਾਕ ਵਿੱਚ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਜਾਂ ਜਿਹੜੇ ਕਰਤਾ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਮੈਂ ਆਪ ਉਸ ਦਾ ਖ਼ਿਆਲ ਰੱਖਾਂਗਾ।
ਵਿਦਿਆਰਥੀ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਰਹੇ ਹਨ।

ਪਹਿਲੇ ਵਾਕ ਵਿੱਚ ‘ਆਪ’ ਕਰਤਾ ‘ਮੈਂ’ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਕਰਕੇ ਨਿੱਜ-ਵਾਚਕ ਪੜਨਾਂਵ ਹੈ ਅਤੇ ਦੂਜੇ ਵਾਕ ਵਿੱਚ ‘ਆਪਸ’ ਕਰਤਾ ‘ਵਿਦਿਆਰਥੀ’ ਦੀ ਥਾਂ ਤੇ ਵਰਤਿਆ ਜਾਣ ਕਰਕੇ ਨਿੱਜ-ਵਾਚਕ ਪੜਨਾਂਵ ਹੈ।

3. ਸੰਬੰਧ-ਵਾਚਕ ਪੜਨਾਂਵ (Relative Pronoun)

ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਯੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਣ, ਉਨ੍ਹਾਂ ਨੂੰ ਸੰਬੰਧ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
1. ਜਿਹੜੇ ਮਿਹਨਤ ਕਰਦੇ ਹਨ, ਉਹ ਸਫ਼ਲ ਹੁੰਦੇ ਹਨ।
2. ਮੋਹਨ ਨੂੰ ਕੌਣ ਸਮਝਾਏ, ਜੋ ਹਰ ਵੇਲੇ ਮਨ-ਮਰਜ਼ੀ ਕਰਦਾ ਹੈ।

ਇਨ੍ਹਾਂ ਵਾਕਾਂ ਵਿੱਚ ‘ਜੋ’ ਤੇ ‘ਜਿਹੜੇ’ ਸੰਬੰਧ-ਵਾਚਕ ਪੜਨਾਂਵ ਹਨ।
ਜਦੋਂ ਵਾਕ ਦੇ ਇਕ ਭਾਗ ਵਿੱਚ ‘ਜੋ’ ਅਤੇ ਦੂਜੇ ਵਿੱਚ ‘ਸੋ’ ਜਾਂ ‘ਉਹ’ ਆਵੇ, ਤਾਂ ਉਸ ਨੂੰ ਅਨੁਸਬੰਧ-ਵਾਚਕ ਪੜਨਾਂਵ ਕਿਹਾ ਜਾਂਦਾ ਹੈ।
1. ਜੋ ਬੀਜੋਗੇ, ਸੋ ਕੱਟੋਗੇ।
2. ਜੋ ਬੀਜੋਗੇ, ਉਹ ਕੱਟੋਗੇ।

ਇਨ੍ਹਾਂ ਵਾਕਾਂ ਵਿੱਚ ‘ਸੋ’ ਤੇ ‘ਉਹ’ ਅਨੁਸਬੰਧ-ਵਾਚਕ ਪੜਨਾਂਵ ਹਨ।

4. ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)

ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਜਾਵੇ, ਉਨ੍ਹਾਂ ਨੂੰ ਪ੍ਰਸ਼ਨ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:।
1. ਕੌਣ ਗਾ ਰਿਹਾ ਹੈ?
2. ਕਿਹੜਾ ਸ਼ਰਾਰਤ ਕਰ ਰਿਹਾ ਹੈ?

ਇਨ੍ਹਾਂ ਵਾਕਾਂ ਵਿੱਚ ‘ਕੌਣ’ ਤੇ ‘ਕਿਹੜਾ’ ਪ੍ਰਸ਼ਨ-ਵਾਚਕ ਪੜਨਾਂਵ ਹਨ।
ਨੋਟ: 1. ‘ਪ੍ਰਸ਼ਨ-ਵਾਚਕ ਪੜਨਾਂਵ’  ਕਿਰਿਆ-ਵਿਸ਼ੇਸ਼ਣ ਵੀ ਹੁੰਦੇ ਹਨ ਕਿਉਂਕਿ ਇਹ ਕਿਰਿਆ ਦੇ ਭਾਵਾਂ ਨੂੰ ਵੀ ਵਿਸ਼ੇਸ਼ ਕਰਦੇ ਹਨ।
2. ਕਦੋਂ, ਕਿਉਂ ਤੇ ਕਿੱਥੋਂ ਆਦਿ ਵੀ ਪ੍ਰਸ਼ਨ ਲਈ ਵਰਤੇ ਜਾਂਦੇ ਹਨ ਪਰ ਇਹ ਕਿਰਿਆ-ਵਿਸ਼ੇਸ਼ਣ ਹਨ, ਪ੍ਰਸ਼ਨ-ਵਾਚਕ ਪੜਨਾਂਵ ਨਹੀਂ।
5. ਨਿਸ਼ਚੇ-ਵਾਚਕ ਪੜਨਾਂਵ (Demonstrative Pronoun)

ਜਿਹੜੇ ਸ਼ਬਦ ਦੂਰ ਜਾਂ ਨੇੜੇ ਦਿਸਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰ ਕੇ, ਉਨ੍ਹਾਂ ਦੇ ਨਾਂ ਦੀ ਥਾਂ ਵਰਤੇ ਗਏ ਹੋਣ; ਉਨ੍ਹਾਂ ਨੂੰ ਨਿਸ਼ਚੇ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
1. ਉਹ ਮੋਹਨ ਦਾ ਘਰ ਹੈ।
2. ਇਹ ਮੇਰਾ ਘਰ ਹੈ।
3. ਉਨ੍ਹਾਂ ਨੇ ਖ਼ਾਹ-ਮਖ਼ਾਹ ਜ਼ਿਦ ਕੀਤੀ ਹੈ।

ਇਨ੍ਹਾਂ ਵਾਕਾਂ ਵਿੱਚ ‘ਉਹ’, ‘ਇਹ’ ਅਤੇ ‘ਉਨ੍ਹਾਂ’ ਨਿਸ਼ਚੇ-ਵਾਚਕ ਪੜਨਾਂਵ ਹਨ।

6. ਅਨਿਸ਼ਚੇ-ਵਾਚਕ ਪੜਨਾਂਵ (Indefinite Pronoun)

ਉਹ ਪੜਨਾਂਵ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ, ਪਰ ਉਸ ਦੀ ਗਿਣਤੀ ਨਾ ਦੱਸਣ, ਉਸ ਨੂੰ ਅਨਿਸ਼ਚੇ-ਵਾਚਕ ਪੜਨਾਂਵ ਆਖਦੇ ਹਨ; ਜਿਵੇਂ:
1. ਬਹੁਤ ਸਾਰੇ ਬੱਚੇ ਪੜ੍ਹ ਰਹੇ ਹਨ।
2. ਸਭ ਨੇ ਹਿਸਾਬ ਦੇਣਾ ਹੈ।
3. ਹਸਪਤਾਲ ਵਿੱਚ ਕਈ ਆਉਂਦੇ ਹਨ, ਕਈ ਜਾਂਦੇ ਹਨ।
ਇਨ੍ਹਾਂ ਵਾਕਾਂ ਵਿੱਚ ‘ਬਹੁਤ ਸਾਰੇ’, ‘ਸਭ’ ਅਤੇ ‘ਕਈ’ ਅਨਿਸ਼ਚੇ-ਵਾਚਕ ਪੜਨਾਂਵ ਹਨ।


0 Comments

Leave a Reply

Avatar placeholder