ਵਿਸ਼ੇਸ਼ਣ (Adjective)

Published by on

ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਨ੍ਹਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਪਾਲਤੂ ਕੁੱਤਾ, ਮਿਹਨਤੀ ਮੁੰਡਾ, ਤੇਜ਼ ਘੋੜਾ, ਇਹ ਦਵਾਤ, ਦਸ ਸਿਪਾਹੀ, ਦਸ ਕਿਲੋ ਦੁੱਧ ਵਿੱਚ ਕ੍ਰਮਵਾਰ ਪਾਲਤੂ, ਮਿਹਨਤੀ, ਤੇਜ਼, ਇਹ, ਦਸ ਅਤੇ ਦਸ ਕਿਲੋ ਵਿਸ਼ੇਸ਼ਣ ਹਨ।।

ਵਿਸ਼ੇਸ਼: ਜਿਨ੍ਹਾਂ ਨਾਵਾਂ ਜਾਂ ਪੜਨਾਵਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਆਮ ਤੋਂ ਖਾਸ ਬਣਾਇਆ ਜਾਏ, ਉਨ੍ਹਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ; ਜਿਵੇਂ: ਉਪਰਲੀਆਂ ਉਦਾਹਰਨਾਂ ਵਿੱਚ ਕੁੱਤਾ, ਮੁੰਡਾ, ਘੋੜਾ, ਦਵਾਤ, ਸਿਪਾਹੀ ਅਤੇ ਦੁੱਧ ਵਿਸ਼ੇਸ਼ ਹਨ।

ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ:

1 ਗੁਣ-ਵਾਚਕ ਵਿਸ਼ੇਸ਼ਣ (Qualitative Adjective)
2 ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective)
3 ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Adjective of Quantity)
4 ਨਿਸ਼ਚੇ-ਵਾਚਕ ਵਿਸ਼ੇਸ਼ਣ (Demonstrative Adjective)
5 ਪੜਨਾਵੀਂ ਵਿਸ਼ੇਸ਼ਣ (Pronominal Adjective)
1. ਗੁਣ-ਵਾਚਕ ਵਿਸ਼ੇਸ਼ਣ (Qualitative Adjective):

ਜਿਹੜਾ ਸ਼ਬਦ ਕਿਸੇ ਨਾਂਵ ਦੇ ਗੁਣ-ਔਗੁਣ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਏ, ਉਨ੍ਹਾਂ ਨੂੰ ਗੁਣ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਸਿਆਣਾ ਵਿਦਿਆਰਥੀ, ਰੋਂਦੂ ਮੁੰਡਾ, ਕਾਲਾ ਕੱਪੜਾ, ਹੇਠਲਾ ਕਮਰਾ ਅਤੇ ਗੋਲ ਮੇਜ਼ ਆਦਿ ਵਿੱਚ ਕ੍ਰਮਵਾਰ ਸਿਆਣਾ, ਰੋਂਦੂ, ਕਾਲਾ, ਹੇਠਲਾ ਅਤੇ ਗੋਲ ਗੁਣ-ਵਾਚਕ ਵਿਸ਼ੇਸ਼ਣ ਹਨ।ਕਿਸੇ ਇੱਕ ਗੁਣ ਕਰ ਕੇ ਦੋ ਜਾਂ ਵੱਧ ਚੀਜਾਂ ਦਾ ਟਾਕਰਾ ਕਰਨ ਨੂੰ ‘ਤੁਲਨਾ’ ਕਿਹਾ ਜਾਂਦਾ ਹੈ। ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣ-ਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ (Three Degrees) ਹੁੰਦੀਆਂ ਹਨ।I) ਸਧਾਰਨ ਅਵਸਥਾ (Positive Degree)
II) ਅਧਿਕਤਰ ਅਵਸਥਾ (Comparative Degree)
III) ਅਧਿਕਤਮ ਅਵਸਥਾ (Superlative Degree)

I) ਸਧਾਰਨ ਅਵਸਥਾ (Positive Degree): ਜਦੋਂ ਕਿਸੇ ਨਾਂਵ ਜਾਂ ਪੜਨਾਂਵ ਦੇ ਵਿਸ਼ੇਸ਼ਣ ਦੀ ਕਿਸੇ ਦੂਜੇ ਨਾਂਵ ਜਾਂ ਪੜਨਾਂਵ ਦੇ ਵਿਸ਼ੇਸ਼ਣ ਨਾਲ ਤੁਲਨਾ ਕੀਤੀ ਜਾਏ, ਸਗੋਂ ਸਧਾਰਨ ਤੌਰ ਤੇ ਹੀ ਉਸ ਦਾ ਗੁਣ-ਔਗੁਣ ਦੱਸਿਆ ਜਾਏ ਤਾਂ ਗੁਣ-ਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੁੰਦੀ ਹੈ; ਜਿਵੇਂ:

ਸੁਰਿੰਦਰ ਸੋਹਣਾ ਮੁੰਡਾ ਹੈ।
ਇਹ ਲੜਕਾ ਚੁਸਤ ਹੈ।

ਇਨ੍ਹਾਂ ਵਾਕਾਂ ਵਿੱਚ ‘ਸੋਹਣਾ’ ਤੇ ‘ਚੁਸਤ’ ਸਧਾਰਨ ਅਵਸਥਾ ਦੇ ਗੁਣ-ਵਾਚਕ ਵਿਸ਼ੇਸ਼ਣ ਹਨ।

II) ਅਧਿਕਤਰ ਅਵਸਥਾ (Comparative Degree): ਜਦੋਂ ਕਿਸੇ ਗੁਣ ਜਾਂ ਔਗੁਣ ਵਿੱਚ ਦੋ ਵਿਸ਼ੇਸ਼ਾਂ ਦੀ ਇੱਕ-ਦੂਜੇ ਨਾਲ ਤੁਲਨਾ ਕੀਤੀ ਜਾਵੇ ਅਤੇ ਇੱਕ ਨਾਲੋਂ ਵਧ ਕੇ (ਅਧਿਕ) ਦੱਸਿਆ ਜਾਵੇ, ਤਾਂ ਗੁਣ-ਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ; ਜਿਵੇਂ:

ਸੁਰਿੰਦਰ ਮਹਿੰਦਰ ਨਾਲੋਂ ਸੋਹਣਾ ਹੈ।
ਇਹ ਲੜਕਾ ਉਸ ਨਾਲੋਂ ਚੁਸਤ ਹੈ।

III) ਅਧਿਕਤਮ ਅਵਸਥਾ (Superlative Degree): ਜਦੋਂ ਦੋ ਤੋਂ ਵੱਧ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ ਅਤੇ ਇੱਕ ਨੂੰ ਸਭ (ਵਿਸ਼ੇਸ਼ਾਂ) ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ, ਤਾਂ ਗੁਣ-ਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਹੁੰਦੀ ਹੈ; ਜਿਵੇਂ:

ਸੁਰਿੰਦਰ ਸਭ ਨਾਲੋਂ ਸੋਹਣਾ ਹੈ।
ਇਹ ਲੜਕਾ ਸਭ ਨਾਲੋਂ ਚੁਸਤ ਹੈ।

ਇਨ੍ਹਾਂ ਵਾਕਾਂ ਵਿੱਚ ‘ਸਭ ਨਾਲੋਂ ਸੋਹਣਾ’ ਤੇ ‘ ਸਭ ਨਾਲੋਂ ਚੁਸਤ’ ਅਧਿਕਤਮ ਅਵਸਥਾ ਦੇ ਗੁਣ-ਵਾਚਕ ਵਿਸ਼ੇਸ਼ਣ ਹਨ।

2. ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective):

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਗਿਣਤੀ ਜਾਂ ਦਰਜਾ ਦੱਸਣ, ਉਨ੍ਹਾਂ ਨੂੰ ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਇੱਕ, ਦੋ, ਦਸ, ਪਹਿਲਾ, ਦੂਜਾ, ਪੰਜਵਾਂ, ਅੱਧਾ, ਪੌਣਾ, ਦੁੱਗਣਾ, ਇੱਕ-ਇੱਕ, ਦੋ-ਦੋ, ਥੋੜ੍ਹੇ, ਬਹੁਤੇ, ਕੁਝ ਆਦਿ।।

ਮੇਰੇ ਕੋਲ ਪੰਜ ਪੁਸਤਕਾਂ ਹਨ।
ਮੋਹਨ ਆਪਣੀ ਜਮਾਤ ਵਿੱਚ ਦੂਜੇ ਸਥਾਨ ‘ਤੇ ਹੈ।
ਪੰਜ ਦੇ ਪੰਜ ਲੜਕੇ ਪਾਸ ਹੋਏ।
ਮੈਂ ਅੱਧਾ ਕਿਲੋ ਦੁੱਧ ਪੀਤਾ।
ਮੇਜਾਂ ਤੇ ਦੋ-ਦੋ ਕਰ ਕੇ ਬੈਠ ਜਾਓ।
ਬਹੁਤੇ ਲੜਕੇ ਪੜ੍ਹਨ ਲੱਗ ਪਏ ਹਨ।

ਸੰਖਿਅਕ ਵਿਸ਼ੇਸ਼ਣ ਦੇ ਛੇ ਰੂਪ ਮੰਨੇ ਜਾਂਦੇ ਹਨ:
I) ਸਧਾਰਨ (Cardinal)
II) ਕਰਮ-ਵਾਚੀ (Ordinal)
III) ਸਮੁੱਚਤਾ-ਬੋਧਕ
IV) ਕਸਰੀ
V) ਨਿਖੇੜ-ਵਾਚੀ (Distributive)
VI) ਅਨਿਸ਼ਚਿਤ (Indefinite)

ਸਧਾਰਨ (Cardinal): ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਪੂਰੀ-ਪੂਰੀ ਗਿਣਤੀ ਦੱਸਣ; ਜਿਵੇਂ: ਇੱਕ, ਦੋ, ਦਸ ਆਦਿ। ਉਪਰ ਦਿੱਤੇ ਪਹਿਲੇ ਵਾਕ ਵਿੱਚ ‘ਪੰਜ’ ਸਧਾਰਨ ਸੰਖਿਅਕ ਵਿਸ਼ੇਸ਼ਣ ਹੈ।

ਕਰਮ-ਵਾਚੀ (Ordinal): ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦਾ ਦਰਜਾ ਜਾਂ ਨੰਬਰ ਦੱਸਣ; ਜਿਵੇਂ: ਪਹਿਲਾ, ਦੂਜਾ, ਦਸਵਾਂ ਆਦਿ। ਉਪਰ ਦਿੱਤੇ ਦੂਜੇ ਵਾਕ ਵਿੱਚ ‘ਦੂਜੇ’ ਕਰਮ-ਵਾਚੀ ਸੰਖਿਅਕ ਵਿਸ਼ੇਸ਼ਣ ਹੈ।

ਸਮੁੱਚਤਾ-ਬੋਧਕ: ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦੀ ਸਾਰੀ ਦੀ ਸਾਰੀ ਗਿਣਤੀ ਦੱਸੇ; ਜਿਵੇਂ: ਦੋਵੇਂ, ਚਾਰੇ, ਪੰਜੇ ਆਦਿ। ਉਪਰ ਦਿੱਤੇ ਤੀਜੇ ਵਾਕ ਵਿੱਚ ‘ਪੰਜ ਦੇ ਪੰਜ’ ਸਮੁੱਚਤਾ-ਬੋਧਕ ਸੰਖਿਅਕ ਵਿਸ਼ੇਸ਼ਣ ਹੈ।

ਕਸਰੀ : ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ; ਜਿਵੇਂ: ਅੱਧਾ, ਪੌਣਾ, ਢਾਈ, ਸਵਾ, ਦੁੱਗਣਾ ਆਦਿ। ਉਪਰ ਦਿੱਤੇ ਚੌਥੇ ਵਾਕ ਵਿੱਚ ‘ਅੱਧਾ’ ਕਸਰੀ ਸੰਖਿਅਕ ਵਿਸ਼ੇਸ਼ਣ ਹੈ।

ਨਿਖੇੜ-ਵਾਚੀ (Distributive): ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚੋਂ ਕੁਝ ਨੂੰ ਨਿਖੇੜ ਕੇ ਦੱਸਣ; ਜਿਵੇਂ: ਇੱਕ-ਇੱਕ, ਦੋ-ਦੋ, ਦਸ-ਦਸ, ਹਰ ਇੱਕ ਆਦਿ। ਉਪਰ ਦਿੱਤੇ ਪੰਜਵੇਂ ਵਾਕ ਵਿੱਚ ‘ਦੋ-ਦੋ’ ਨਿਖੇੜ-ਵਾਚੀ ਸੰਖਿਅਕ ਵਿਸ਼ੇਸ਼ਣ ਹੈ।

ਅਨਿਸ਼ਚਿਤ (Indefinite): ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਗਿਣਤੀ ਦਾ ਅੰਦਾਜਾ ਤਾਂ ਦੱਸੇ ਪਰ ਪੂਰੀ-ਪੂਰੀ ਗਿਣਤੀ ਨਾ ਦੱਸੇ; ਜਿਵੇਂ: ਕੁਝ, ਕਈ, ਬਹੁਤੇ, ਥੋੜ੍ਹੇ, ਅਨੇਕ, ਕੋਈ, ਸਭ, ਸਾਰੇ ਆਦਿ। ਉਪਰ ਦਿੱਤੇ ਛੇਵੇਂ ਵਾਕ ਵਿੱਚ ‘ਬਹੁਤੇ’ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ।

3. ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Adjective of Quantity):

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਮਿਣਤੀ ਜਾਂ ਮਾਪ-ਤੋਲ ਦੱਸਣ, ਉਨ੍ਹਾਂ ਨੂੰ ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਜ਼ਰਾ ਕੁ, ਜਿੰਨਾ, ਕਿੰਨਾ,ਥੋੜ੍ਹਾ, ਚੋਖਾ, ਵੱਧ, ਕਿੱਲੋ ਭਰ, ਬਹੁਤਾ ਆਦਿ।

ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ।

ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ ਦੋ ਤਰ੍ਹਾਂ ਦੇ ਹੁੰਦੇ ਹਨ:

I. ਨਿਸ਼ਚਿਤ
II. ਅਨਿਸ਼ਚਿਤ

I) ਨਿਸ਼ਚਿਤ :ਜਿਹੜੇ ਆਪਣੇ ਵਿਸ਼ੇਸ਼ਾਂ ਦੀ ਪੂਰੀ-ਪੂਰੀ ਮਿਣਤੀ ਜਾਂ ਮਾਪ-ਤੋਲ ਦੱਸਣ, ਉਨ੍ਹਾਂ ਨੂੰ ਨਿਸ਼ਚਿਤ ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਦੋ ਕਿੱਲੋ, ਇੱਕ ਗਿੱਠ, ਦੋ ਮੀਟਰ, ਦਸ ਫੁੱਟ ਆਦਿ।

II) ਅਨਿਸ਼ਚਿਤ :ਜਿਹੜੇ ਆਪਣੇ ਵਿਸ਼ੇਸ਼ਾਂ ਦੀ ਪੂਰੀ-ਪੂਰੀ ਮਿਣਤੀ ਜਾਂ ਮਾਪ ਨਾ ਦੱਸਣ, ਉਨ੍ਹਾਂ ਨੂੰ ਅਨਿਸ਼ਚਿਤ ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਥੋੜ੍ਹਾ ਜਿਹਾ, ਬਹੁਤ ਸਾਰਾ, ਬਥੇਰਾ ਆਦਿ।

4. ਨਿਸ਼ਚੇ-ਵਾਚਕ ਵਿਸ਼ੇਸ਼ਣ (Demonstrative Adjective):

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਨਿਸ਼ਚੇ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਇਹ, ਐਹ, ਇਹਨਾਂ, ਉਹ, ਔਹ, ਉਹਨਾਂ ਆਦਿ।

ਇਹ ਮੇਰਾ ਕਮਰਾ ਹੈ।
ਉਹ ਲੜਕਾ ਮਿਹਨਤੀ ਹੈ।

ਨਿਸ਼ਚੇ-ਵਾਚਕ ਵਿਸ਼ੇਸ਼ਣ ਦੋ ਪ੍ਰਕਾਰ ਦੇ ਹੁੰਦੇ ਹਨ:

I) ਨਿਕਟ-ਵਰਤੀ
II) ਦੂਰ-ਵਰਤੀ

I) ਨਿਕਟ-ਵਰਤੀ :ਜਿਹੜੇ ਸ਼ਬਦ ਕਿਸੇ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਨਿਕਟ-ਵਰਤੀ ਨਿਸ਼ਚੇ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਇਹ, ਅਹਿ ਆਦਿ।

II) ਦੂਰ-ਵਰਤੀ :ਜਿਹੜੇ ਸ਼ਬਦ ਕਿਸੇ ਦੂਰ ਦੀ ਚੀਜ਼ ਵੱਲ ਇਸ਼ਾਰਾ ਕਰ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਦੂਰ-ਵਰਤੀ ਨਿਸ਼ਚੇ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਉਹ, ਅਹੁ ਆਦਿ।

5. ਪੜਨਾਵੀਂ ਵਿਸ਼ੇਸ਼ਣ (Pronominal Adjective):

ਉਹ ਸ਼ਬਦ ਜੋ ਪੜਨਾਂਵ ਹੁੰਦੇ ਹੋਏ ਕਿਸੇ ਨਾਂਵ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਨੂੰ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਕੀ ਚੀਜ਼, ਕੌਣ ਆਦਮੀ, ਕਿਹੜਾ ਪੈੱਨ, ਜੋ ਇਸਤਰੀ, ਕਿੰਨੀ ਮਠਿਆਈ, ਮੇਰਾ ਮਿੱਤਰ, ਤੁਹਾਡਾ ਘਰ ਵਿੱਚ ਕੀ, ਕੌਣ, ਕਿਹੜਾ, ਜੋ, ਕਿੰਨੀ, ਮੇਰਾ, ਤੁਹਾਡਾ ਪੜਨਾਂਵ ਹਨ, ਪਰ ਨਾਂਵ ਨਾਲ ਆਉਣ ਕਰਕੇ ਪੜਨਾਂਵੀ ਵਿਸ਼ੇਸ਼ਣ ਬਣ ਗਏ ਹਨ।

ਪੜਨਾਵੀਂ ਵਿਸ਼ੇਸ਼ਣ ਦੋ ਤਰ੍ਹਾਂ ਦੇ ਹੁੰਦੇ ਹਨ:

I) ਮੂਲ ਰੂਪ
II) ਉਤਪੰਨ ਰੂਪ

I) ਮੂਲ ਰੂਪ : ਜਿਹੜੇ ਪੜਨਾਂਵ ਆਪਣੇ ਮੂਲ-ਰੂਪ ਵਿੱਚ ਹੀ ਵਿਸ਼ੇਸ਼ਣ ਹੋ ਜਾਣ, ਉਨ੍ਹਾਂ ਨੂੰ ਮੂਲ ਰੂਪ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਕੀ, ਕੌਣ, ਕਿਹੜਾ ਆਦਿ।

II) ਉਤਪੰਨ ਰੂਪ : ਜਿਹੜੇ ਸ਼ਬਦ ਪੜਨਾਂਵ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ, ਉਨ੍ਹਾਂ ਨੂੰ ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਕਿੰਨਾ, ਮੇਰਾ, ਤੇਰਾ, ਸਾਡਾ ਆਦਿ।


0 Comments

Leave a Reply

Avatar placeholder