ਕਿਰਿਆ (Verb)

Published by on

ਵਾਕ ਵਿੱਚ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਕੰਮ ਦਾ ਕਾਲ ਸਹਿਤ ਹੋਣ ਬਾਰੇ ਜਾਂ ਵਾਪਰਨ ਬਾਰੇ ਪਤਾ ਲੱਗੇ, ਕਿਰਿਆ ਅਖਵਾਉਂਦੇ ਹਨ; ਜਿਵੇਂ:

ਮੁੰਡਾ ਗੀਤ ਗਾ ਰਿਹਾ ਹੈ।
ਮੋਹਨ ਸਕੂਲ ਜਾਂਦਾ ਹੈ।
ਰਣਜੀਤ ਸਬਕ ਪੜ੍ਹਦਾ ਹੈ।
ਰਾਮ ਸਕੂਲ ਜਾਏਗਾ।

ਇਨ੍ਹਾਂ ਵਾਕਾਂ ਵਿੱਚ ਸ਼ਬਦ- ਗਾ ਰਿਹਾ ਹੈ, ਜਾਂਦਾ ਹੈ ,ਪੜ੍ਹਦਾ ਹੈ ਅਤੇ ਜਾਏਗਾ ਤੋਂ ਕੰਮ ਦੇ (ਕਾਲ ਸਹਿਤ) ਹੋਣ ਬਾਰੇ ਪਤਾ ਲੱਗਦਾ ਹੈ, ਸੋ ਅਜਿਹੇ ਸ਼ਬਦ ਹੀ ਕਿਰਿਆ ਹਨ।

ਪੰਜਾਬੀ ਵਾਕ-ਬਣਤਰ ਵਿੱਚ ਤਿੰਨ ਮੁਢਲੇ ਤੱਤ ਕਾਰਜਸ਼ੀਲ ਹੁੰਦੇ ਹਨ- ਕਰਤਾ, ਕਰਮ ਤੇ ਕਿਰਿਆ।

ਕਰਤਾ (Subject): ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ਭਾਵ ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ; ਜਿਵੇਂ: ‘ਸੋਹਨ ਖੇਡ ਰਿਹਾ ਹੈ।’
ਵਾਕ ਵਿੱਚ ‘ਸੋਹਨ’ ਕਰਤਾ ਹੈ।

ਕਰਮ (Object):ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ, ਉਸ ਨੂੰ ‘ਕਰਮ’ ਕਿਹਾ ਜਾਂਦਾ ਹੈ; ਜਿਵੇਂ: ‘ਲੜਕੇ ਨੇ ਗੀਤ ਗਾਇਆ’ ਅਤੇ ‘ਮੋਹਨ ਨੇ ਰੋਟੀ ਖਾਧੀ’ ਵਾਕਾਂ ਵਿੱਚ ‘ਗੀਤ’ ਅਤੇ ‘ਰੋਟੀ’ ਕਰਮ ਹਨ।
ਕਈ ਵਾਕਾਂ ਵਿੱਚ ਦੋ ਕਰਮ ਵੀ ਹੁੰਦੇ ਹਨ, ਉਹਨਾਂ ਨੂੰ ਦੁਕਰਮਕ ਕਿਰਿਆ’ ਕਿਹਾ ਜਾਂਦਾ ਹੈ; ਜਿਵੇਂ:

1. ਅਧਿਆਪਕ ਨੇ ਮੁੰਡੇ ਨੂੰ ਸੋਟੀ ਨਾਲ ਮਾਰਿਆ।
2. ਜਗਦੀਸ਼ ਨੇ ਹਰਬੰਸ ਨੂੰ ਚਿੱਠੀ ਲਿਖੀ।

ਇਹਨਾਂ ਦੋਨਾਂ ਵਾਕਾਂ ਵਿੱਚ ਦੋ ਕਰਮ ਹਨ। ਪਹਿਲੇ ਵਾਕ ਵਿੱਚ ‘ਮੁੰਡਾ’ ਤੇ ‘ਸੋਟੀ’ ਅਤੇ ਦੂਜੇ ਵਾਕ ਵਿੱਚ ‘ਹਰਬੰਸ’ ਤੇ ‘ਚਿੱਠੀ’। ਇਹ ਕ੍ਰਮਵਾਰ ਪ੍ਰਧਾਨ-ਕਰਮ (Direct) ਅਤੇ ਅਪ੍ਰਧਾਨ-ਕਰਮ (Indirect) ਅਖਵਾਉਂਦੇ ਹਨ।

ਕਿਰਿਆ ਦੀਆਂ ਦੋ ਕਿਸਮਾਂ ਹਨ:

1 ਅਕਰਮਕ-ਕਿਰਿਆ (Intransitive Verb)
2 ਸਕਰਮਕ-ਕਿਰਿਆ (Transitive Verb)
1. ਅਕਰਮਕ ਕਿਰਿਆ (Intransitive Verb):

ਅਕਰਮਕ ਤੋਂ ਭਾਵ ਹੈ ‘ਕਰਮ ਤੋਂ ਬਿਨ੍ਹਾਂ’। ਵਾਕ ਵਿੱਚ ਜਿਸ ਕਿਰਿਆ ਦਾ ਕੇਵਲ ਕਰਤਾ ਹੀ ਹੋਵੇ ਜਾਂ ਜਿਸ ਕਿਰਿਆ ਦਾ ਕਾਰਜ ਉਸ ਦੇ ਕਰਤਾ ਤੱਕ ਹੀ ਸੀਮਿਤ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:।

ਰਾਮ ਪੜ੍ਹਦਾ ਹੈ।
ਕੁੜੀ ਗਾਉਂਦੀ ਹੈ।
ਸੋਹਨ ਖੇਡਦਾ ਹੈ।

ਉਪਰੋਕਤ ਵਾਕਾਂ ਵਿੱਚ ‘ਰਾਮ’, ‘ਕੁੜੀ’ ਅਤੇ ‘ਸੋਹਨ’ ਕੇਵਲ ਕਰਤਾ ਹੀ ਹਨ ਅਤੇ ਇਨ੍ਹਾਂ ਵਾਕਾਂ ਵਿੱਚ ਕਰਮ ਦੀ ਅਣਹੋਂਦ ਹੈ। ਇਸ ਲਈ ਇਨ੍ਹਾਂ ਦੀਆਂ ਕਿਰਿਆਵਾਂ ਕ੍ਰਮਵਾਰ ਪੜ੍ਹਦਾ ਹੈ, ਗਾਉਂਦੀ ਹੈ, ਖੇਡਦਾ ਹੈ- ਅਕਰਮਕ ਕਿਰਿਆਵਾਂ ਹਨ।

ਅਕਰਮਕ-ਕਿਰਿਆ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ।

I) ਪੂਰਨ ਅਕਰਮਕ-ਕਿਰਿਆ
II) ਅਪੂਰਨ ਅਕਰਮਕ-ਕਿਰਿਆ

I) ਪੂਰਨ ਅਕਰਮਕ-ਕਿਰਿਆ: ਜਿਹੜੀ ਅਕਰਮਕ-ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ, ਉਸ ਨੂੰ ਪੂਰਨ ਅਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਸੁਰਿੰਦਰ ਸੌਂ ਗਿਆ, ਬੱਚਾ ਰੋਇਆ, ਕੁੱਤਾ ਭੌਂਕਿਆ।

ਇਨ੍ਹਾਂ ਵਾਕਾਂ ਵਿੱਚ ਸੁਰਿੰਦਰ, ਬੱਚਾ ਤੇ ਕੁੱਤਾ ਕਰਤਾ ਹਨ, ਸੌਂ ਗਿਆ, ਰੋਇਆ ਤੇ ਭੌਂਕਿਆ ਅਕਰਮਕ ਕਿਰਿਆਵਾਂ ਹਨ, ਪਰ ਵਾਕ ਸਾਰਥਕ ਹਨ।

II) ਅਪੂਰਨ ਅਕਰਮਕ-ਕਿਰਿਆ: ਜਿਹੜੀ ਅਕਰਮਕ-ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਅਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਰਾਜੂ ਹੋ ਗਿਆ ਹੈ।

ਉਪਰੋਕਤ ਵਾਕ ਵਿੱਚ ਕਰਤਾ ਅਤੇ ਅਕਰਮਕ-ਕਿਰਿਆ ਦੋਵੇਂ ਆਏ ਹਨ, ਪਰ ਫਿਰ ਵੀ ਵਾਕ ਅਧੂਰਾ ਅਤੇ ਅਪੂਰਨ ਹੈ, ਕਿਉਂ ਕਿ ਇਹ ਵਾਕ ਦਿਮਾਗ ਵਿੱਚ ਪ੍ਰਸ਼ਨਾਂ ਦੀ ਝੜੀ ਲਗਾ ਦਿੰਦਾ ਹੈ। ਇਸ ਲਈ ਇਹ ਅਪੂਰਨ ਅਕਰਮਕ-ਕਿਰਿਆ ਹੈ।

2. ਸਕਰਮਕ-ਕਿਰਿਆ (Transitive Verb):

ਸਕਰਮਕ ਤੋਂ ਭਾਵ ਹੈ ‘ਕਰਮ ਸਹਿਤ’। ਵਾਕ ਵਿੱਚ ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:

ਰਾਮ ਕਿਤਾਬ ਪੜ੍ਹਦਾ ਹੈ।
ਕੁੜੀ ਗੀਤ ਗਾਉਂਦੀ ਹੈ।
ਮੁੰਡਾ ਹਾਕੀ ਖੇਡਦਾ ਹੈ।

ਉਪਰੋਕਤ ਵਾਕਾਂ ਵਿੱਚ ‘ਰਾਮ’, ‘ਕੁੜੀ’ ਅਤੇ ‘ਮੁੰਡਾ’ ਕਰਤਾ ਨਾਲ ਤਰਤੀਬਵਾਰ ਕਿਤਾਬ, ਗੀਤ ਤੇ ਹਾਕੀ ਆਏ ਹਨ। ਇਸ ਲਈ ਇਨ੍ਹਾਂ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਮੌਜੂਦ ਹੋਣ ਕਾਰਨ ਇਹ ਸਕਰਮਕ-ਕਿਰਿਆਵਾਂ ਹਨ।

ਸਕਰਮਕ-ਕਿਰਿਆ ਵੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ।
I) ਪੂਰਨ ਸਕਰਮਕ-ਕਿਰਿਆ
II) ਅਪੂਰਨ ਸਕਰਮਕ-ਕਿਰਿਆ

I) ਪੂਰਨ ਸਕਰਮਕ-ਕਿਰਿਆ: ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਸਾਰਥਕ (ਅਰਥ-ਪੂਰਨ) ਵਾਕ ਬਣਾ ਦੇਵੇ, ਉਸ ਨੂੰ ਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ:

ਕੁੜੀਆਂ ਨੇ ਗਿੱਧਾ ਪਾਇਆ।
ਕਿਸਾਨਾਂ ਨੇ ਹਲ ਵਾਹੇ।

ਇਨ੍ਹਾਂ ਵਾਕਾਂ ਵਿੱਚ ‘ਕੁੜੀਆਂ’ ਤੇ ‘ਕਿਸਾਨਾਂ’ ਕਰਤਾ ਹਨ ਤੇ ‘ਗਿੱਧਾ’ ਤੇ ‘ਹਲ’ ਕਰਮ ਹਨ ਅਤੇ ‘ਪਾਇਆ’ ਤੇ ‘ਵਾਹੇ’ ਸਕਰਮਕ ਕਿਰਿਆਵਾਂ ਹਨ।

II) ਅਪੂਰਨ ਸਕਰਮਕ-ਕਿਰਿਆ: ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ:

ਰਾਜੂ ਭੈਣ ਨੂੰ ਕਹਿਣ ਲੱਗਾ।
ਪਿਤਾ ਨੇ ਵੱਡੇ ਪੁੱਤਰ ਨੂੰ ਬਣਾ ਦਿੱਤਾ।

ਉਪਰੋਕਤ ਵਾਕਾਂ ਵਿੱਚ ‘ਰਾਜੂ’ ਅਤੇ ‘ਪਿਤਾ’ ਕਰਤਾ ਹਨ, ‘ਭੈਣ’ ਤੇ ‘ਵੱਡਾ ਪੁੱਤਰ’ ਕਰਮ ਹਨ ਅਤੇ ‘ਕਹਿਣ ਲੱਗਾ’ ਅਤੇ ‘ਬਣਾ ਦਿੱਤਾ’ ਕਿਰਿਆ ਹਨ, ਪਰ ਫਿਰ ਵੀ ਵਾਕ ਅਧੂਰਾ ਅਤੇ ਅਪੂਰਨ ਹੈ। ਇਸ ਲਈ ਇਹ ਅਪੂਰਨ ਸਕਰਮਕ-ਕਿਰਿਆ ਹੈ।

ਕਿਰਿਆ ਦੇ ਹੋਰ ਰੂਪ:
ਅਕਰਮਕ ਅਤੇ ਸਕਰਮਕ- ਕਿਰਿਆਵਾਂ ਤੋਂ ਇਲਾਵਾ ਕਿਰਿਆ ਦੇ ਹੋਰ ਰੂਪ ਵੀ ਮਿਲਦੇ ਹਨ; ਜਿਵੇਂ:

1. ਸੰਸਰਗੀ ਕਿਰਿਆ
2. ਸਹਾਇਕ ਕਿਰਿਆ
3. ਮੁੱਖ ਕਿਰਿਆ

1. ਸੰਸਰਗੀ ਕਿਰਿਆ: ਕਈ ਵਾਕਾਂ ਵਿੱਚ ‘ਹੈ’ ਜਾਂ ‘ਸੀ’ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:

ਗੀਤਾ ਆਲਸੀ ਸੀ।
ਰਾਮ ਇੱਕ ਹੁਸ਼ਿਆਰ ਲੜਕਾ ਹੈ।

ਉਪਰੋਕਤ ਵਾਕਾਂ ਵਿੱਚ ‘ਸੀ’ ਅਤੇ ‘ਹੈ’ ਸੰਸਰਗੀ ਕਿਰਿਆ ਹਨ।

2. ਸਹਾਇਕ ਕਿਰਿਆ: ਜਦੋਂ ‘ਹੈ’ , ‘ਸੀ’ ਤੇ ਇਨ੍ਹਾਂ ਦੇ ਹੋਰ ਰੂਪ ਸਕਦਾ, ਚਾਹੀਦਾ- ਅਕਰਮਕ ਅਤੇ ਸਕਰਮਕ- ਨਾਲ ਮਿਲ ਕੇ ਕਿਰਿਆ ਦਾ ਕੰਮ ਕਰਨ ਤਾਂ ਉਨ੍ਹਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:

ਮੈਂ ਭਾਸ਼ਣ ਦੇ ਸਕਦਾ ਹਾਂ।
ਤੁਹਾਨੂੰ ਭਾਸ਼ਣ ਦੇਣਾ ਚਾਹੀਦਾ ਹੈ।

ਉਪਰੋਕਤ ਵਾਕਾਂ ਵਿੱਚ ‘ਸਕਦਾ ਹਾਂ’ ਅਤੇ ‘ਚਾਹੀਦਾ ਹੈ’ ਸਹਾਇਕ ਕਿਰਿਆ ਹਨ।

3. ਮੁੱਖ ਕਿਰਿਆ: ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨ੍ਹਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ; ਜਿਵੇਂ:

ਮੈਂ ਸਭ ਕਿਤਾਬਾਂ ਰੱਖਦਾ ਹਾਂ।
ਇਸ ਵਾਕ ਵਿੱਚ ‘ਰੱਖਦਾ ਹਾਂ’ ਮੁੱਖ ਕਿਰਿਆ ਹੈ।


0 Comments

Leave a Reply

Avatar placeholder