ਯੋਜਕ (Conjunction)

Published by on

ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਯੋਜਕ ਆਖਿਆ ਜਾਂਦਾ ਹੈ ਜਿਵੇਂ: ਤੇ, ਅਤੇ, ਪਰ, ਕਿ, ਸਗੋਂ, ਤਾਂ, ਇਸ ਲਈ, ਜਿਹੜਾ, ਕਿਉਂਕਿ ਆਦਿ।

ਸੁਰਿੰਦਰ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾਵਾਂਗਾ।

ਇਸ ਵਾਕ ਵਿੱਚ ‘ਕਿ’ ਯੋਜਕ ਹੈ ਜੋ ਕਿ ਦੋ ਵਾਕਾਂ ‘ਸੁਰਿੰਦਰ ਨੇ ਕਿਹਾ’ ਤੇ ‘ਮੈਂ ਉੱਥੇ ਨਹੀਂ ਜਾਵਾਂਗਾ’ ਨੂੰ ਜੋੜਦਾ ਹੈ।

ਓ) ਪ੍ਰੀਤਮ ਤੇ ਸਤਿੰਦਰ ਖੇਡ ਰਹੇ ਹਨ।

ਅ) ਸੁਰਿੰਦਰ ਉਮਰ ਵਿੱਚ ਵੱਡਾ ਸੀ ਅਤੇ ਗੁਰਿੰਦਰ ਛੋਟਾ।

ੲ) ਰਾਮ ਫੇਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਨਹੀਂ ਕੀਤੀ।

ਯੋਜਕ ਸ਼ਬਦਾਂ ਦੀ ਵੰਡ ਦੋ ਤਰ੍ਹਾਂ ਕੀਤੀ ਜਾਂਦੀ ਹੈ:

1. ਰੂਪ ਦੇ ਆਧਾਰ ਤੇ

2. ਅਰਥ ਦੇ ਆਧਾਰ ਤੇ

1. ਰੂਪ ਦੇ ਆਧਾਰ ਤੇ ਯੋਜਕ – ਰੂਪ ਦੇ ਆਧਾਰ ਤੇ ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ – 1. ਵਿਕਾਰੀ ਯੋਜਕ  2. ਅਵਿਕਾਰੀ ਯੋਜਕ

  1. ਵਿਕਾਰੀ ਯੋਜਕ – ਜਿਹੜੇ ਯੋਜਕ ਵਾਕ ਵਿੱਚ ਵਿਚਰਦਿਆਂ ਹੋਇਆਂ ਆਪਣਾ ਰੂਪ ਬਦਲਣ, ਜਿਵੇਂ – ਜੋ, ਜਿਹੜਾ
  2. ਅਵਿਕਾਰੀ ਯੋਜਕ – ਬਾਕੀ ਸਾਰੇ ਯੋਜਕ ਅਵਿਕਾਰੀ ਹਨ।

2. ਅਰਥ ਦੇ ਆਧਾਰ ਤੇ

ਓ) ਸਮਾਨ ਯੋਜਕ
ਅ) ਅਧੀਨ ਯੋਜਕ

ਸਮਾਨ ਯੋਜਕ (Co-ordinate conjunctions)– ਦੋ ਸਮਾਨ ਸ਼ਬਦਾਂ ਤੋਂ ਛੁੱਟ, ਦੋ ਸੁਤੰਤਰ ਵਾਕਾਂ (ਜਾਂ ਸਮਾਨ ਉਪ-ਵਾਕਾਂ) ਨੂੰ ਜੋੜਨ ਵਾਲੇ ਸ਼ਬਦਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ
ਮੋਹਨ ਤੇ ਸੁਰਿੰਦਰ ਗ਼ੈਰ-ਹਾਜ਼ਰ ਹਨ।
ਮੁੱਖ ਮੰਤਰੀ ਸਾਹਿਬ ਆਏ ਅਤੇ ਉਹ ਭਾਸ਼ਣ ਦੇ ਕੇ ਚਲੇ ਗਏ।
ਇਹਨਾਂ ਵਾਕਾਂ ਵਿੱਚ ਤੇ ਅਤੇ ਸਮਾਨ ਯੋਜਕ ਹਨ। ਪਹਿਲੇ ਸਧਾਰਨ ਵਾਕ ਵਿੱਚ ਦੋ ਸ਼ਬਦਾਂ (ਨਾਵਾਂ) ਨੂੰ ਯੋਜਕ ਤੇ ਨਾਲ ਜੋੜਿਆ ਗਿਆ। ਦੂਜੇ ਸੰਯੁਕਤ ਵਾਕ ਵਿੱਚਦੋ ਵਾਕਾਂ (ਜਾਂ ਸਮਾਨ ਉਪ-ਵਾਕਾਂ)- ਮੁਖ ਮੰਤਰੀ ਸਾਹਿਬ ਆਏ ਤੇ ਉਹ ਭਾਸ਼ਣ ਦੇ ਕੇ ਚਲੇ ਗਏ ਨੂੰ ਯੋਜਕ ਅਤੇ ਨਾਲ ਜੋੜਿਆ ਗਿਆ। ਇਸ ਤਰ੍ਹਾਂ ਦੇ ਹੋਰ ਯੋਜਕ – ਪਰ, ਪਰੰਤੂ ਆਦਿ ਹਨ।
ਸਮਾਨ ਯੋਜਕ ਚਾਰ ਤਰ੍ਹਾਂ ਦੇ ਹੁੰਦੇ ਹਨ
1. ਸਮੁੱਚੀ ਸਮਾਨ ਯੋਜਕ
2. ਵਿਕਲਪੀ ਸਮਾਨ ਯੋਜਕ
3. ਨਿਖੇਧੀ ਸਮਾਨ ਯੋਜਕ
4. ਕਾਰਜ-ਬੋਧਕ ਸਮਾਨ ਯੋਜਕ

1. ਸਮੁੱਚੀ ਸਮਾਨ ਯੋਜਕ– ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ (ਜਾਂ ਸਮਾਨ ਉਪ-ਵਾਕਾਂ ) ਨੂੰ ਸਧਾਰਨ ਤੌਰ ਤੇ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਉਹ ਨਾ ਕੇਵਲ ਕਵੀ ਹੈ, ਸਗੋਂ ਨਾਵਲਕਾਰ ਵੀ ਹੈ।
ਉਸ ਵਾਕ ਵਿੱਚ ਨਾ ਕੇਵਲ…. ਸਗੋਂ …ਵੀ ਸਮੁੱਚੀ ਸਮਾਨ ਯੋਜਕ ਹਨ। ਇਸ ਤਰ੍ਹਾਂ ਦੇ ਹੋਰ ਯੋਜਕ – ਤੇ, ਅਤੇ, ਨਾਲੇ ਆਦਿ ਹਨ।

2. ਵਿਕਲਪੀ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਹਨਾਂ ਵਿਚੋਂ ਆਪਸੀ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ, ਤਾਂ ਉਨ੍ਹਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਚਾਹੇ ਤੂੰ ਜੁਰਮਾਨਾ ਭਰ, ਚਾਹੇ ਉਹ ਭਰੇ।
ਤੂੰ ਜਾ, ਨਹੀਂ ਉਹ ਜਾਵੇ।

3. ਨਿਖੇਧੀ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਨ੍ਹਾਂ ਦਾ ਆਪਸੀ ਟਾਕਰਾ, ਨਿਖੇਧ ਜਾਂ ਵਿਰੋਧ ਪ੍ਰਗਟ ਹੋਵੇ, ਤਾਂ ਉਨ੍ਹਾਂ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਉਹ ਛੋਟਾ ਹੈ, ਪਰ ਜ਼ਹਿਰ ਦਾ ਟੋਟਾ ਹੈ।, ਉਹ ਬੁਜਦਿਲ ਨਹੀ, ਸਗੋਂ ਸੂਰਬੀਰ ਹੈ।

4. ਕਾਰਜ-ਬੋਧਕ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਜੇ ਇਕ ਕਾਰਨ ਨੂੰ ਦੇ ਦੂਜਾ ਕਾਰਜ ਨੂੰ ਪ੍ਰਗਟ ਕਰੇ. ਤਾਂ ਉਹਨਾਂ ਨੂੰ ਕਾਰਜ-ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ ਜਿਵੇਂ – ਮੈਨੂੰ ਉਸ ਤੇ ਪੱਕਾ ਯਕੀਨ ਹੈ, ਸੋ ਡਰਨ ਦੀ ਕੋਈ ਲੋੜ ਨਹੀਂ।

ਅਧੀਨ ਯੋਜਕ (Sub-ordinate Conjunctions)-
ਇਕ ਮਿਸ਼ਰਿਤ ਵਾਕ ਵਿੱਚ ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਜਿਵੇਂ – ਖੂਬ ਮਿਹਨਤ ਕਰੋ, ਕਿਉਂਕਿ ਮਿਹਨਤ ਫਲ ਦੇ ਕੇ ਰਹਿੰਦੀ ਹੈ।
ਸੋਹਨ ਨੇ ਸੁਨੇਹਾ ਭੇਜਿਆ ਕਿ ਮੈਂ ਨਹੀ ਆ ਰਿਹਾ।

ਅਧੀਨ ਯੋਜਕ ਸੱਤ ਤਰ੍ਹਾਂ ਦੇ ਹੁੰਦੇ ਹਨ

1. ਸਮਾਨ-ਅਧਿਕਰਨ
2. ਕਾਰਨ-ਵਾਚਕ
3. ਫਲ-ਵਾਚਕ
4. ਮੰਤਵ-ਵਾਚਕ
5. ਸ਼ਰਤ-ਵਾਚਕ
6. ਵਿਰੋਧ-ਵਾਚਕ
7. ਤੁਲਨਾ-ਵਾਚਕ

1. ਸਮਾਨ ਅਧਿਕਰਨ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਤਾਂ ਉਸ ਯੋਜਕ ਨੂੰ ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਇਹ ਸੱਚ ਹੈ ਜੁ ਮਾਸਟਰ ਸਾਹਿਬ ਨੂੰ ਇਸ ਅਨਰਥ ਦਾ ਪਤਾ ਨਹੀਂ ਸੀ।

2. ਕਾਰਨ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਉਸ ਯੋਜਕ ਨੂੰ ਕਾਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਮੈਂ ਮਿਹਨਤ ਨਹੀਂ ਕੀਤੀ, ਇਸ ਲਈ ਪਾਸ ਨਹੀਂ ਹੋ ਸਕਦਾ।

3. ਫਲ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੀ ਕਿਰਿਆ ਦਾ ਫਲ ਦੱਸੇ ਤਾਂ ਉਸ ਨੂੰ ਫਲ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਪਰਚੇ ਇੰਨੇ ਅਸਾਨ ਆਏ ਜੁ ਸਾਰੇ ਪਾਸ ਹੋ ਗਏ।

4. ਮੰਤਵ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦੀ ਕਿਰਿਆ ਦਾ ਮੰਤਵ ਦੱਸੇ, ਤਾੰ ਉਸ ਨੂੰ ਮੰਤਵ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਉਹ ਬਹਾਨੇ ਕਰਦਾ ਹੈ ਤਾਂ ਜੋ ਮਾਰ ਤੋਂ ਬਚ ਜਾਏ।

5. ਸ਼ਰਤ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦਾ ਕਾਰਨ ਸ਼ਰਤ ਵਾਂਗ ਦੱਸੇ ਤਾਂ ਉਸ ਨੂੰ ਸ਼ਰਤ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਜੇ ਤੁਸੀਂ ਆਪਣੀ ਇੱਜਤ ਚਾਹੁੰਦੇ ਹੋ, ਤਾਂ ਮੇਰੀ ਸਹਾਇਤਾ ਕਰੋ।

6. ਵਿਰੋਧ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਨਾਲ ਵਿਰੋਧ ਪ੍ਰਗਟ ਕਰੇ ਤਾਂ ਉਸ ਨੂੰ ਵਿਰੋਧ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਭਾਵੇਂ ਉਹ ਅਮੀਰ ਹੈ, ਪਰ ਬਹੁਤ ਕੰਜੂਸ ਹੈ।

7. ਤੁਲਨਾ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦੋ ਚੀਜ਼ਾਂ ਦੇ ਗੁਣ-ਔਗੁਣ ਦਾ ਟਾਕਰਾ ਪ੍ਰਗਟ ਕਰਨ ਤਾਂ ਉਸ ਨੂੰ ਤੁਲਨਾ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਉਹ ਇੰਨਾ ਨਲਾਇਕ ਹੈ, ਮਾਨੋ ਉਸ ਨੂੰ ਕੁਝ ਆਉਂਦਾ ਹੀ ਨਹੀਂ।


0 Comments

Leave a Reply

Avatar placeholder