ਨਾਂਵ (Noun)

Published by on

ਮਨੁੱਖਾਂ, ਚੀਜ਼ਾਂ ਜਾਂ ਥਾਵਾਂ ਆਦਿ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ ਜਾਂ ਉਹ ਸ਼ਬਦ ਜੋ ਕਿਸੇ ਮਨੁੱਖ, ਵਸਤੁ, ਸਥਾਨ, ਨਾਂ ਅਤੇ ਭਾਵਾਂ ਦੇ ਨਾਂ ਦਾ ਬੋਧ ਕਰਾਉਂਦੇ ਹੋਣ ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਸੁਰਜੀਤ, ਮਨਜੀਤ ਕੌਰ, ਲੂਣ, ਕਿਤਾਬ, ਸਾਬਣ, ਅੰਮ੍ਰਿਤਸਰ, ਮੁੰਬਈ, ਕੁਰਸੀ, ਅਮੀਰ, ਦੁੱਧ, ਜਮਾਤ ਆਦਿ।
ਨਾਂਵ ਦੀਆਂ ਪੰਜ ਕਿਸਮਾਂ ਹਨ:

1 ਆਮ-ਨਾਂਵ ਜਾਂ ਜਾਤੀ-ਵਾਚਕ ਨਾਂਵ (Common Noun)
2 ਖ਼ਾਸ ਜਾਂ ਨਿੱਜ-ਵਾਚਕ ਨਾਂਵ (Proper Noun)
3 ਵਸਤੂ-ਵਾਚਕ ਨਾਂਵ (Material Noun)
4 ਇਕੱਠ-ਵਾਚਕ ਨਾਂਵ (Collective Noun)
5 ਭਾਵ-ਵਾਚਕ ਨਾਂਵ (Abstract Noun)
1. ਆਮ-ਨਾਂਵ ਜਾਂ ਜਾਤੀ-ਵਾਚਕ ਨਾਂਵ (Common Noun)

ਜਿਨ੍ਹਾਂ ਸ਼ਬਦਾਂ ਤੋਂ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਦਾ ਬੋਧ ਹੁੰਦਾ ਹੋਵੇ, ਉਹਨਾਂ ਨੂੰ ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ ਕਿਹਾ ਜਾਂਦਾ ਹੈ।ਭਾਵ ਉਹ ਸ਼ਬਦ ਜੋ ਆਮ ਮਨੁੱਖਾਂ, ਵਸਤੂਆਂ, ਜਾਨਵਰਾਂ ਆਦਿ ਲਈ ਵਰਤੇ ਜਾਣ, ਉਹਨਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ; ਜਿਵੇਂ:
ਕੁਰਸੀ, ਬੱਕਰੀ, ਲੜਕਾ, ਪਹਾੜ, ਦਰਿਆ, ਸਕੂਲ, ਸ਼ਹਿਰ, ਕਿਸਾਨ, ਸਿਪਾਹੀ, ਘੋੜਾ, ਕਾਰ ਆਦਿ।ਵਾਕਾਂ ਵਿੱਚ ਆਮ-ਨਾਂਵ ਦੀ ਵਰਤੋਂ :
1. ਕਿਰਸਾਨ ਹਲ ਵਾਹ ਰਿਹਾ ਹੈ।
2. ਇਹ ਕੁਰਸੀ ਸੋਹਨ ਦੀ ਹੈ।
3. ਲੜਕੇ ਸਕੂਲ ਜਾਂਦੇ ਹਨ।

2. ਖ਼ਾਸ ਜਾਂ ਨਿੱਜ-ਵਾਚਕ ਨਾਂਵ (Proper Noun) 

ਕਿਸੇ ਖ਼ਾਸ ਮਨੁੱਖ, ਚੀਜ਼ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂ ਨੂੰ ‘ਖਾਸ-ਨਾਂਵ’ ਆਖਿਆ ਜਾਂਦਾ ਹੈ ਜਾਂ ਉਹ ਸ਼ਬਦ, ਜਿਨ੍ਹਾਂ ਤੋਂ ਕਿਸੇ ਖ਼ਾਸ ਪੁਰਖ, ਇਸਤਰੀ, ਸਥਾਨ ਜਾਂ ਸ਼ਹਿਰ ਦਾ ਬੋਧ ਹੁੰਦਾ ਹੋਵੇ, ਖ਼ਾਸ-ਨਾਂਵ ਹੁੰਦੇ ਹਨ; ਜਿਵੇਂ:
ਪੰਜਾਬ, ਮਹਾਰਾਜਾ ਰਣਜੀਤ ਸਿੰਘ, ਹਿਮਾਲਿਆ, ਸਤਲੁਜ, ਗੰਗਾ, ਸਿੰਧ ਆਦਿ।

ਵਾਕਾਂ ਵਿੱਚ ਖ਼ਾਸ-ਨਾਂਵ ਦੀ ਵਰਤੋਂ :
1. ਕੋਹਿਨੂਰ ਕੀਮਤੀ ਹੀਰਾ ਹੈ।
2. ਕਲਪਨਾ ਚਾਵਲਾ ਨੂੰ ‘ਅਰਸ਼ਾਂ ਦੀ ਧੀ’ ਕਿਹਾ ਗਿਆ ਹੈ।
3. ਅਸੀਂ ਦਿੱਲੀ ਗਏ।
4. ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ।

3. ਵਸਤੂ-ਵਾਚਕ ਨਾਂਵ (Material Noun)

ਜਿਹੜੇ ਸ਼ਬਦ ਤੋਲੀਆਂ, ਮਿਣੀਆਂ, ਜਾਂ ਮਾਪੀਆਂ (ਨਾ ਕਿ ਗਿਣੀਆਂ) ਜਾ ਸਕਣ ਵਾਲੀਆਂ ਵਸਤਾਂ ਦਾ ਬੋਧ ਕਰਾਉਣ, ਉਹਨਾਂ ਨੂੰ ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ : ਦੁੱਧ, ਤੇਲ, ਪਾਣੀ, ਲੋਹਾ, ਸੋਨਾ, ਕੱਪੜਾ, ਰੇਤ, ਕਣਕ, ਆਟਾ, ਘਿਉ ਆਦਿ।

ਵਾਕਾਂ ਵਿੱਚ ਵਸਤੂ-ਵਾਚਕ ਨਾਂਵ ਦੀ ਵਰਤੋਂ :
1. ਅੱਜ-ਕਲ੍ਹ, ਸੋਨਾ ਬਹੁਤ ਮਹਿੰਗਾ ਹੋ ਗਿਆ ਹੈ।
2. ਦੁੱਧ, ਘਿਉ ਤੇ ਤੇਲ ਦੀਆਂ ਕੀਮਤਾਂ ਦਿਨੋ-ਦਿਨ ਵੱਧ ਰਹੀਆਂ ਹਨ।
3. ਡੀਪੂ ‘ਤੇ ਕੱਪੜਾ, ਕਣਕ ਤੇ ਚੌਲ ਮਿਲ ਰਹੇ ਹਨ।

4. ਇਕੱਠ-ਵਾਚਕ ਨਾਂਵ (Collective Noun)ਕਿਸੇ ਇਕੱਠ ਲਈ ਵਰਤੇ ਗਏ ਨਾਂ ਨੂੰ ‘ਇਕੱਠ-ਵਾਚਕ ਨਾਂਵ’ ਆਖਿਆ ਜਾਂਦਾ ਹੈ ਜਾਂ ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਸਮੂਹ, ਇਕੱਠ ਜਾਂ ਗਰੁੱਪ ਲਈ ਵਰਤੇ ਜਾਣ, ਉਹਨਾਂ ਨੂੰ ਇਕੱਠ-ਵਾਚਕ ਨਾਂਵ ਕਿਹਾ ਜਾਂਦਾ ਹੈ ; ਜਿਵੇਂ: ਸੁਸਾਇਟੀ, ਟੀਮ, ਇੱਜੜ, ਜਮਾਤ, ਵੱਗ, ਫ਼ੌਜ, ਸੈਨਾ, ਸਭਾ, ਜਲੂਸ, ਕੰਪਨੀ ਆਦਿ।

ਵਾਕਾਂ ਵਿੱਚ ਇਕੱਠ-ਵਾਚਕ ਨਾਂਵ ਦੀ ਵਰਤੋਂ :
1. ਫ਼ੌਜ ਅਨੁਸ਼ਾਸਨ ‘ਤੇ ਕਾਇਮ ਰਹਿੰਦੀ ਹੈ।
2. ਵਿਦਿਆਰਥੀ ਜਮਾਤ ਵਿੱਚ ਬੈਠੇ ਹਨ।
3. ਗਊਆਂ, ਮੱਝਾਂ, ਭੇਡਾਂ ਤੇ ਬੱਕਰੀਆਂ ਦਾ ਵੱਗ ਜਾ ਰਿਹਾ ਹੈ।

5. ਭਾਵ-ਵਾਚਕ ਨਾਂਵ (Abstract Noun)

ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੁਣ, ਹਾਲਾਤ ਜਾਂ ਭਾਵ ਦਾ ਪਤਾ ਲੱਗੇ ਪ੍ਰੰਤੂ ਜੋ ਚੀਜ਼ਾਂ ਵੇਖੀਆਂ ਜਾਂ ਛੂਹੀਆਂ ਨਾ ਜਾ ਸਕਣ, ਸਿਰਫ਼ ਮਹਿਸੂਸ ਕੀਤੀਆਂ ਜਾ ਸਕਣ, ਉਹਨਾਂ ਨੂੰ ਭਾਵ-ਵਾਚਕ ਨਾਂਵ ਕਿਹਾ ਜਾਂਦਾ ਹੈ ; ਜਿਵੇਂ: ਖ਼ੁਸ਼ੀ, ਗ਼ਮੀ, ਮਿਠਾਸ, ਕੁੜੱਤਣ, ਝੂਠ, ਸੱਚ, ਅਮੀਰੀ, ਗਰੀਬੀ ਆਦਿ।

ਵਾਕਾਂ ਵਿੱਚ ਭਾਵ-ਵਾਚਕ ਨਾਂਵ ਦੀ ਵਰਤੋਂ :
1. ਸੱਚ ਹਮੇਸ਼ਾ ਕੌੜਾ ਹੁੰਦਾ ਹੈ।
2. ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ।
3. ਗੁਰਜੀਤ ਜਸਪ੍ਰੀਤ ਨਾਲੋਂ ਗ਼ਰੀਬ ਹੈ।


0 Comments

Leave a Reply

Avatar placeholder