ਵਿਸ਼ਰਾਮ-ਚਿੰਨ੍ਹ (Punctuation)

Published by on

ਵਿਸ਼ਰਾਮ-ਚਿੰਨ੍ਹ ਤੋਂ ਭਾਵ ਵਿਸ਼ਰਾਮ ਜਾਂ ਠਹਿਰਾਉ ਨੂੰ ਪ੍ਰਗਟ ਕਰਨ ਵਾਲੇ ਉਹ ਚਿੰਨ ਜਿਹੜੇ ਵੱਖ-ਵੱਖ ਠਹਿਰਾਵਾਂ ਲਈ ਲਿਖਤ ਵਿਚ ਵਰਤੇ ਜਾਂਦੇ ਹਨ। ਕੋਈ ਗੱਲ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਲੱਗਿਆਂ ਇਹ ਠਹਿਰਾਉ ਥੋੜ੍ਹੀ ਦੇਰ ਬਾਅਦ ਆਉਂਦੇ ਹਨ। ਕਿਤੇ ਬਹੁਤ ਦੇਰ ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੋੜ੍ਹੇ ਚਿਰ ਲਈ। ਇਹ ਠਹਿਰਾਉ ਬੋਲਣ ਲੱਗਿਆਂ ਤਾਂ ਸਹਿਜ-ਸੁਭਾਅ ਹੀ ਆ ਜਾਂਦੇ ਹਨ,ਪਰ ਲਿਖਤ ਵਿਚ ਇਨ੍ਹਾਂ ਦੇ ਖਾਸ ਚਿੰਨ੍ਹ ਹੁੰਦੇ ਹਨ।

ਚਿੰਨ੍ਹਾਂ ਦੀ ਵਰਤੋਂ ਬਹੁਤ ਮਹੱਤਤਾ ਰੱਖਦੀ ਹੈ। ਬੋਲਣ ਲੱਗਿਆਂ ਜਾਂ ਲਿਖਣ ਲੱਗਿਆਂ ਜੇ ਇਹ ਚਿੰਨ੍ਹ ਯੋਗ ਥਾਂ ਸਿਰ ਨਾ ਵਰਤੇ ਜਾਣ, ਤਾਂ ਅਰਥਾਂ ਵਿਚ ਬਹੁਤ ਫ਼ਰਕ ਪੈ ਜਾਂਦਾ ਹੈ; ਜਿਵੇਂ:

ਰੋਕੋ ਨਾ, ਜਾਣ ਦਿਓ।                                   (ਭਾਵ ਜਾਣ ਦਿਓ।)
ਰੋਕੋ, ਨਾ ਜਾਣ ਦਿਓ।                                   (ਭਾਵ ਨਾ ਜਾਣ ਦਿਓ।)

ਪੰਜਾਬੀ ਵਿੱਚ ਵਰਤੇ ਜਾਂਦੇ ਵਿਸਰਾਮ ਚਿੰਨ੍ਹ:

1
2
3
4
5
6
7
8
9
10
11
12
13
ਡੰਡੀ ਜਾਂ ਪੂਰਨ ਵਿਸਰਾਮ ਚਿੰਨ੍ਹ (Full Stop)
ਪ੍ਰਸ਼ਨ-ਚਿੰਨ੍ਹ (Sign of Interrogation)
ਵਿਸਮਿਕ-ਚਿੰਨ੍ਹ (Sign of Exclamation)
ਕਾਮਾ (Comma)
ਅਰਧ-ਵਿਸਰਾਮ (Semi Colon)
ਦੁਬਿੰਦੀ ਜਾਂ ਕੋਲਨ (Colon)
ਡੈਸ਼ (Dash)
ਦੁਬਿੰਦੀ ਡੈਸ਼ (Colon and Dash)
ਪੁੱਠੇ ਕਾਮੇ (Inverted Commas)
ਜੋੜਨੀ (Hyphen)
ਬਰੈਕਟ (Brackets)
ਛੁੱਟ ਮਰੋੜੀ (Apostrophy)
ਬਿੰਦੀ (Dot)

?
!
,
;
:
_
:-
” “

( ), { },[ ]

.
1. ਡੰਡੀ ਜਾਂ ਪੂਰਨ ਵਿਸਰਾਮ ਚਿੰਨ੍ਹ (Full Stop) (।) 

ਡੰਡੀ ਨੂੰ ਪੂਰਨ ਵਿਸਰਾਮ ਵੀ ਕਿਹਾ ਜਾਂਦਾ ਹੈ। ਇਹ ਚਿੰਨ੍ਹ ਵਾਕ ਦੇ ਖ਼ਤਮ ਹੋਣ ‘ਤੇ ਪੂਰਨ ਠਹਿਰਾਉ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ: ਸੋਹਨ ਬਿਮਾਰ ਹੈ। ਇਹ ਇਕ ਵਾਕ ਨੂੰ ਦੂਜੇ ਵਾਕ ਨਾਲੋਂ ਵੱਖ ਕਰਦਾ ਹੈ। ਪੰਜਾਬੀ ਦੀਆਂ ਪੁਰਾਣੀਆਂ ਲਿਖਤਾਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਦੋ ਡੰਡੀਆਂ (।।) ਵਰਤੀਆਂ ਹੋਈਆਂ ਮਿਲਦੀਆਂ ਹਨ, ਪਰ ਅੱਜ-ਕੱਲ ਕੇਵਲ ਇਕ ਡੰਡੀ (।) ਹੀ ਵਰਤੀ ਜਾਂਦੀ ਹੈ। ਅੰਗਰੇਜੀ ਵਿਚ ਇਸ ਡੰਡੀ ਦੀ ਥਾਂ ਨੁਕਤਾ (.) ਵਰਤਿਆ ਜਾਂਦਾ ਹੈ।2. ਪ੍ਰਸ਼ਨ-ਚਿੰਨ੍ਹ (Sign of Interrogation) (?) 

ਪ੍ਰਸ਼ਨ-ਚਿੰਨ੍ਹ ਵੀ ਪੂਰਨ ਵਿਸਰਾਮ ਲਈ ਵਰਤਿਆ ਜਾਂਦਾ ਹੈ, ਪਰ ਇਹ ਉਸ ਵਾਕ ਦੇ ਅੰਤ ਵਿਚ ਆਉਂਦਾ ਹੈ ਜਿਸ ਵਿਚ ਕੋਈ ਪੁੱਛ-ਗਿੱਛ ਕੀਤੀ ਹੋਵੇ; ਜਿਵੇਂ: ਕਿਸ ਨੇ ਇਨਾਮ ਜਿੱਤਿਆ ?, ਉਹ ਕੌਣ ਹੈ ?, ਇਹ ਕਿਤਾਬ ਕਿਸਦੀ ਹੈ?, ਨਾਂ ਵਿੱਚ ਕੀ ਪਿਆ ਹੈ?

ਜਦ ਮਿਸ਼ਰਤ ਵਾਕ ਵਿਚ ਪ੍ਰਸ਼ਨ-ਵਾਕ ਕਿਸੇ ਹੋਰ ਦੇ ਅਧੀਨ ਹੋਵੇ ਤਾਂ ਉਸ ਦੇ ਅੰਤ ਵਿਚ ਪ੍ਰਸ਼ਨ-ਚਿੰਨ੍ਹ ਦੀ ਥਾਂ ਡੰਡੀ ਵਰਤੀ ਜਾਂਦੀ ਹੈ; ਜਿਵੇਂ:

ਮੈਨੂੰ ਸਮਝ ਨਹੀਂ ਆਉਂਦੀ, ਉਹ ਕਿਉਂ ਨਹੀਂ ਮਿਹਨਤ ਕਰਦਾ।
ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂ ਹੋਵਾਂ, ਤੁਹਾਨੂੰ ਇਸ ਨਾਲ ਕੀ।

3. ਵਿਸਮਿਕ ਚਿੰਨ੍ਹ (Sign of Exclamation) (!)

ਵਿਸਮਿਕ ਚਿੰਨ੍ਹ ਸੰਬੋਧਨੀ, ਹੈਰਾਨੀ, ਪ੍ਰਸੰਸਾ, ਸ਼ੋਕ, ਫਿਟਕਾਰ ਤੇ ਸਤਿਕਾਰ ਆਦਿ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ।
ਇਹ ਚਿੰਨ੍ਹ ਹੇਠ ਅਨੁਸਾਰ ਵਰਤੇ ਜਾਂਦੇ ਹਨ:

ਓ) ਜਦ ਕਿਸੇ ਨੂੰ ਸੰਬੋਧਨ ਕਰਨਾ ਹੋਵੇ; ਜਿਵੇਂ :

ਓਏ ਬੰਤਿਆ! ਬਹੁਤਾ ਮੂੰਹ ਨਾ ਖੋਲ੍ਹ।
ਨੀਂ ਝੱਲੀਏ! ਸ਼ਰਮ ਕਰ।

ਅ) ਜਦ ਖੁਸ਼ੀ, ਗ਼ਮੀ ਜਾਂ ਹੈਰਾਨੀ ਵਾਲੇ ਵਾਕ ਵਰਤੇ ਜਾਣ; ਜਿਵੇਂ :

ਆਹਾ! ਅਸੀਂ ਮੈਚ ਜਿੱਤ ਗਏ।   (ਖੁਸ਼ੀ)
ਹਾਏ! ਮੇਰਾ ਕੱਖ ਨਹੀਂ ਰਿਹਾ।   (ਗ਼ਮੀ)
ਉਫ਼! ਤੂੰ ਵੀ ਏਥੇ ਹੀਂ ਏਂ।          (ਹੈਰਾਨੀ)

ੲ) ਜਦ ਵਿਸਮਿਕ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਵਰਤਿਆ ਜਾਵੇ; ਜਿਵੇਂ :

ਕਾਸ਼ !,ਸ਼ਾਬਾਸ਼ੇ !, ਲੱਖ-ਲਾਹਨਤ !, ਧੰਨ-ਭਾਗ !, ਹਾਏ ਮਾਂ ! ਆਦਿ।

ਕਈ ਵਾਰੀ ਵਿਸਮਿਕ ਭਾਵਾਂ ਨੂੰ ਵਧਾਉਣ ਲਈ ਇਸ ਚਿੰਨ੍ਹ ਨੂੰ ਦੂਹਰਾ ਜਾਂ ਤੀਹਰਾ ਵੀ ਕਰ ਲਿਆ ਜਾਂਦਾ ਹੈ; ਜਿਵੇਂ :

ਲਾਹਨਤ ! ਲੱਖ-ਲਾਹਨਤ !!
ਅਫ਼ਸੋਸ ! ਅਫ਼ਸੋਸ !! ਬਹੁਤ ਅਫ਼ਸੋਸ !!!

4. ਕਾਮਾ (Comma) (,)

ਇਹ ਚਿੰਨ੍ਹ ਥੋੜ੍ਹੇ ਜਿਹੇ ਠਹਿਰਾਅ ਲਈ ਵਰਤਿਆ ਜਾਂਦਾ ਹੈ। ਇਸ ਦੀ ਸ਼ੁੱਧ ਵਰਤੋਂ ਹੇਠ ਅਨੁਸਾਰ ਹੁੰਦੀ ਹੈ :

1. ਜਦ ਕਿਸੇ ਵਾਕ ਵਿੱਚ ਇੱਕ ਵਿਸ਼ੇਸ਼ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਏ ਤਾਂ ਹਰ ਵਿਸ਼ੇਸ਼ਣ ਤੋਂ ਬਾਅਦ ਕਾਮਾ ਵਰਤਿਆ ਜਾਂਦਾ ਹੈ; ਜਿਵੇਂ : ਠੱਗ, ਚੋਰ, ਬਦਮਾਸ਼ ਤੇ ਸਮਗਲਰ ਪੁਲਿਸ ਦੀ ਕੁੱਟ ਖਾਂਦੇ ਹਨ।

2. ਜਦ ਕਿਸੇ ਵਾਕ ਵਿੱਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਵੀ ਯੋਜਕ ਨਾ ਹੋਵੇ ਤਾਂ ਹਰ ਜੋੜੇ ਤੋਂ ਬਾਅਦ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : ਇਸ ਸੰਸਾਰ ਵਿੱਚ ਚੰਗੇ-ਬੁਰੇ, ਅਮੀਰ-ਗਰੀਬ, ਆਸਤਿਕ-ਨਾਸਤਿਕ, ਦੁਖੀ-ਸੁਖੀ ਤੇ ਨੇਕ ਨੀਤ-ਬਦਨੀਤ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। 

3. ਜਦ ਕਿਸੇ ਵਾਕ ਵਿੱਚ ਇੱਕੋ ਜਿਹੇ ਵਾਕੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਬਾਅਦ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : 
ਇਹ ਟੋਆ 5 ਫੁੱਟ ਲੰਬਾ, 4 ਫੁੱਟ ਚੌੜਾ ਤੇ 2 ਫੁੱਟ ਡੂੰਘਾ ਹੈ। (ਵਾਕੰਸ਼) 
ਪ੍ਰੋ. ਪ੍ਰੀਤਮ ਸਿੰਘ ਕਾਲਜ ਆਏ, ਭਾਸ਼ਣ ਦਿੱਤਾ ਤੇ ਇਨਾਮ ਵੰਡ ਕੇ ਚਲੇ ਗਏ। (ਉਪਵਾਕ) 

4. ਜਦ ਕਿਸੇ ਵਾਕ ਵਿੱਚ ਅਨੁਕਰਮੀ (Apposition) ਸ਼ਬਦ ਵਰਤੇ ਜਾਣ ਤਾਂ ਉਨ੍ਹਾਂ ਦੇ ਦੋਨੋਂ ਪਾਸੇ ਕਾਮੇ ਲਗਾਏ ਜਾਂਦੇ ਹਨ; ਜਿਵੇਂ : ਸਭ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਦੇ ਮਗਰ ਹੱਥ ਧੋ ਕੇ ਪਈਆਂ ਹੋਈਆਂ ਹਨ। 

5. ਜਦ ਕਿਸੇ ਵਾਕ ਦਾ ਕਰਤਾ ਲੰਮੇਰਾ ਹੋਵੇ ਜਾਂ ਨਿੱਕਾ ਜਿਹਾ ਵਾਕ ਬਣ ਜਾਵੇ ਤਾਂ ਉਸ (ਕਰਤਾ) ਦੇ ਅੰਤ ਵਿੱਚ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : ਲੀਡਰੀ ਦੇ ਭੁੱਖੇ ਨੇਤਾ, ਪਹਿਲੇ ਦਰਜੇ ਦੇ ਲਾਲਚੀ ਹੁੰਦੇ ਹਨ। 

6. ਜਦ ਮਿਸ਼ਰਤ-ਵਾਕ ਵਿੱਚ ਨਾਂਵ ਉਪਵਾਕ ਨਾਲ ‘ਕਿ’, ‘ਪਈ’ ਜਾਂ ‘ਜੁ’ ਆਦਿ ਯੋਜਕ ਨਾ ਹੋਣ, ਤਾਂ ਯੋਜਕ ਦੀ ਥਾਂ ਕਾਮਾ ਵਰਤਿਆ ਜਾਂਦਾ ਹੈ; ਜਿਵੇਂ :
ਅਧਿਆਪਕ ਨੇ ਕਿਹਾ, ਸਚਾਈ ਦੀ ਹਮੇਸ਼ਾ ਜਿੱਤ ਹੋ ਕੇ ਰਹਿੰਦੀ ਹੈ।

7. ਜਦ ਮਿਸ਼ਰਤ-ਵਾਕ ਵਿੱਚ ਪ੍ਰਧਾਨ-ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਨਿਖੇੜਿਆ ਜਾਵੇ ਤਾਂ ਦੁਵੱਲੀ ਕਾਮੇ ਵਰਤੇ ਜਾਂਦੇ ਹਨ; ਜਿਵੇਂ :
ਉਹ ਲੜਕਾ, ਜਿਸ ਨੇ ਮਿਹਨਤ ਨਹੀਂ ਕੀਤੀ, ਫੇਲ੍ਹ ਹੋ ਗਿਆ। 

8. ਜਦ ਮਿਸ਼ਰਤ ਵਾਕ ਵਿੱਚ ਪ੍ਰਧਾਨ-ਉਪਵਾਕ ਨੂੰ ਕਿਰਿਆ-ਵਿਸ਼ੇਸ਼ਣ ਉਪਵਾਕ ਨਾਲੋਂ ਨਿਖੇੜਿਆ ਜਾਏ ਤਾਂ ਕਾਮਾ ਵਰਤਿਆ ਜਾਂਦਾ ਹੈ; ਜਿਵੇਂ :
ਜੋ ਕਰੇਗਾ, ਸੋ ਭਰੇਗਾ।

9. ਆਮ ਤੌਰ ‘ਤੇ ‘ਤੇ’ ਜਾਂ ‘ਅਤੇ’ ਆਦਿ ਯੋਜਕਾਂ ਨਾਲ ਜੁੜੇ ਹੋਏ ਉਪਵਾਕਾਂ ਵਿੱਚ ਕਾਮਾ ਨਹੀਂ ਲਗਾਇਆ ਜਾਂਦਾ, ਪਰ ਜਦ ਇਸ ਤਰ੍ਹਾਂ ਤੇ ਉਪ-ਵਾਕ ਲੰਮੇ ਹੇ ਜਾਣ ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮਾ ਵਰਤਿਆ ਜਾਂਦਾ ਹੈ; ਜਿਵੇਂ :
ਸੁਖਜੀਤ ਪਹਿਲਾਂ ਮੌਜ-ਮਸਤੀ ਕਰਕੇ ਸਮਾਂ ਅਜਾਈਂ ਗੁਆਉਂਦਾ ਰਿਹਾ, ਤੇ ਹੁਣ ਉਹ ਦਿਨ-ਰਾਤ ਇੱਕ ਕਰਕੇ ਪੜ੍ਹਾਈ ਕਰ ਰਿਹਾ ਹੈ।

10. ਜਦ ਕਿਸੇ ਵੱਡੇ ਵਾਕ ਦੇ ਉਪ-ਵਾਕ ‘ਤਾਹੀਉਂ’, ‘ਪਰ’, ‘ਇਸ ਲਈ’, ‘ਸਗੋਂ’ ‘ਤੇ ‘ਫਿਰ ਵੀ’ ਆਦਿ ਸਮਾਨ ਯੋਜਕਾਂ ਨਾਲ ਜੁੜੇ ਹੋਣ; ਜਿਵੇਂ :
ਮੋਹਨ ਮਿਹਨਤ ਨਹੀਂ ਕਰਦਾ, ਇਸ ਲਈ ਫੇਲ੍ਹ ਹੋ ਕੇ ਰਹੇਗਾ।

11. ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ; ਜਿਵੇਂ :
ਉਸ ਨੇ ਕਿਹਾ, “ਮੈਂ ਤੁਹਾਡੀ ਮੱਦਦ ਨਹੀਂ ਕਰਾਂਗਾ।”

5. ਬਿੰਦੀ ਵਾਲਾ ਕਾਮਾ ਜਾਂ ਅਰਧ-ਵਿਸਰਾਮ (Semi Colon) (;)

ਜਦ ਕਿਸੇ ਵਾਕ ਵਿੱਚ ਠਹਿਰਾਉ ਪੂਰਨ ਵਿਸਰਾਮ ਨਾਲੋਂ ਘੱਟ ਤੇ ਕਾਮੇ ਦੇ ਠਹਿਰਾਉ ਨਾਲੋਂ ਵੱਧ ਹੋਵੇ ਤਾਂ ਬਿੰਦੀ ਵਾਲਾ ਕਾਮਾ ਵਰਤਿਆ ਜਾਂਦਾ ਹੈ। ਇਸ ਨੂੰ ਅਰਧ-ਵਿਸਰਾਮ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਹੇਠ ਦੱਸੀਆਂ ਥਾਵਾਂ ‘ਤੇ ਕੀਤੀ ਜਾਂਦੀ ਹੈ:

1. ਜਦ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪ-ਵਾਕ ਹੋਣ, ਜਿਹੜੇ ਹੋਣ ਵੀ ਪੂਰੇ ਪਰ ਇਕ-ਦੂਜੇ ਨਾਲ ਸਬੰਧ ਵੀ ਰੱਖਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ; ਜਿਵੇਂ :
ਪਰਮਾਤਮਾ ਬੇਅੰਤ ਹੈ; ‘ਉਸ’ ਦੇ ਘਰ ਦੇਰ ਹੈ ਅੰਧੇਰ ਨਹੀਂ; ‘ਉਹ’ ਸਭਨਾ ਦਾ ਰਾਖਾ ਹੈ।

2. ਜਦ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ ਤਾਂ ਸ਼ਬਦ ਜਿਵੇਂ ਜਾਂ ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ; ਜਿਵੇਂ :
ਉਹ ਸ਼ਬਦ ਜਿਹੜੇ ਨਾਂਵ ਦੀ ਥਾਂ ਵਰਤੇ ਜਾਣ, ਉਨ੍ਹਾਂ ਪੜਨਾਂਵ ਕਹਿੰਦੇ ਹਨ; ਜਿਵੇਂ : ਮੈਂ, ਤੂੰ ਤੇ ਉਹ ਆਦਿ।

6. ਦੁਬਿੰਦੀ ਜਾਂ ਕੋਲਨ (Colon)(:)

1. ਜਦ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਆਪਣੇ-ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤੇ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ ਤਾਂ ਉਨ੍ਹਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ ਤੇ ਅੰਤ ਵਿੱਚ ਦੁਬਿੰਦੀ ਲਾਈ ਜਾਂਦੀ ਹੈ; ਜਿਵੇਂ :
ਕਲਜੁਗ ਵਿੱਚ ਗੁਰੂ ਨਾਨਕ ਦੇਵ ਜੀ ਪਰਗਟ ਹੋਏ: ਧੁੰਦ ਮਿਟ ਗਈ ਅਤੇ ਜਗ ਵਿੱਚ ਚਾਨਣ ਦਾ ਪਸਾਰਾ ਹੋਇਆ।

2. ਜਦ ਕਿਸੇ ਤੇ ਕਹੇ ਹੋਏ ਸ਼ਬਦ ਇੰਨ-ਬਿੰਨ ਲਿਖਣੇ ਹੋਣ, ਤਾਂ ਉਨ੍ਹਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੁਬਿੰਦੀ ਵਰਤੀ ਜਾਂਦੀ ਹੈ; ਜਿਵੇਂ :

ਵਾਰਸ ਸ਼ਾਹ ਨੇ ਪਤੇ ਦੀ ਗੱਲ ਆਖੀ ਹੈ: “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”

3. ਜਦ ਸ਼ਬਦਾਂ ਨੂੰ ਸੰਖੇਪ ਕਰਕੇ ਲਿਖਣਾ ਹੋਵੇ; ਜਿਵੇਂ :

ਪ੍ਰਿੰ: (ਪ੍ਰਿੰਸੀਪਲ), ਪ੍ਰੋ: (ਪ੍ਰੋਫੈਸਰ), ਸ: (ਸਰਦਾਰ)

7. ਡੈਸ਼ (Dash)(-)

1. ਜਦ ਕਿਸੇ ਵਾਕ ਵਿੱਚ, ਇਕਦਮ ਯਾਦ ਆ ਜਾਣ ਤੇ, ਕੋਈ ਅਸੰਬੰਧਿਤ ਗੱਲ ਕਹੀ ਜਾਵੇ ਤਾਂ ਉਸ (ਅਸੰਬੰਧਿਤ ਗੱਲ) ਦੇ ਪਹਿਲਾਂ ਡੈਸ਼ ਵਰਤੀ ਜਾਂਦੀ ਹੈ; ਜਿਵੇਂ :
ਅੰਮ੍ਰਿਤਾ ਪ੍ਰੀਤਮ ਇਕ ਚੰਗੀ ਕਵਿਤਰੀ ਹੈ-ਹਾਂ ਸੱਚ ਇਸ ਵਾਰ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਦੇ ਕਿਸੇ ਵੀ ਲੇਖਕ ਨੂੰ ਇਨਾਮ ਨਹੀਂ ਮਿਲਿਆ।

2. ਜਦ ਕਿਸੇ ਵਾਕ ਵਿੱਚ ਕੋਈ ਵਾਧੂ ਗੱਲ ਕਹਿਣੀ ਹੋਵੇ ਤਾਂ ਉਸ ਦੇ ਦੋਨੋਂ ਪਾਸੇ ਡੈਸ਼ ਪਾਈ ਜਾਂਦੀ ਹੈ; ਜਿਵੇਂ :
ਮੇਰੇ ਵਿਚਾਰ ਅਨੁਸਾਰ-ਜਰਾ ਧਿਆਨ ਦੇਣਾ-ਸਾਰੀਆਂ ਮੁਸੀਬਤਾਂ ਸਾਡੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਹਨ।

3. ਜਦ ਕਿਸੇ ਥਥਲੀ ਜਾਂ ਹਟਕੋਰਿਆਂ ਭਰੀ ਗੱਲ ਨੂੰ ਦੱਸਣਾ ਹੋਵੇ, ਤਾਂ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :
ਦਰਦ ਨਾਲ ਕੁਰਲਾਉਂਦੇ ਮਰੀਜ ਨੇ ਕਿਹਾ- ‘ਉ-ਈ ਮੈਂ ਗਿ-ਆ-ਬ-ਚਾਉ।’

4. ਜਦ ਨਾਟਕ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣੀ ਹੋਏ ਤਾਂ ਪਾਤਰਾਂ ਦੇ ਨਾਂ ਅੱਗੇ ਡੈਸ਼ ਪਾਈ ਜਾਂਦੀ ਹੈ; ਜਿਵੇਂ :
ਮੋਹਨ-ਇਸ ਵਿੱਚ ਮੇਰਾ ਕੀ ਕਸੂਰ ਹੈ?
ਸੋਹਨ-ਤੇ ਹੋਰ ਕਿਸਦਾ ਹੈ?

8. ਦੁਬਿੰਦੀ ਡੈਸ਼ (Colon and Dash)(:-)

1. ਜਦ ਕੁਝ ਚੀਜਾਂ ਦਾ ਵੇਰਵਾ ਦੇਣਾ ਹੋਏ, ਤਾਂ ਉਸ ਵੇਰਵੇ ਤੋਂ ਪਹਿਲਾਂ ਦੁਬਿੰਦੀ ਡੈਸ਼ ਵਰਤੀ ਜਾਂਦੀ ਹੈ; ਜਿਵੇਂ :

ਪਾਪਾ ਜੀ, ਮੈਨੂੰ ਹੇਠ ਲਿਖੀਆਂ ਚੀਜ਼ਾਂ ਚਾਹੀਦੀਆਂ ਹਨ :-

  1. ਦੋ ਕਿਤਾਬਾਂ         2. ਤਿੰਨ ਪੈਨਸਿਲਾਂ           3 . ਦੋ ਜੋੜੇ ਜੁ੍ੱਤੀਆਂ

2. ਜਦ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਣ ਦੇਣੀ ਹੋਵੇ ਤਾਂ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ :- 

ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲੇ, ਉਸ ਨੂੰ ਕਿਰਿਆ ਕਹਿੰਦੇ ਹਨ; ਜਿਵੇਂ :- ਖਾਂਦਾ ਹੈ, ਜਾਂਦਾ ਹੈ।

9. ਪੁੱਠੇ ਕਾਮੇ (Inverted Commas)(‘  ‘, ”  “)

ਪੁੱਠੇ ਕਾਮੇ ਦੋ ਪ੍ਰਕਾਰ ਦੇ ਹੁੰਦੇ ਹਨ-

  1. ਇਕਹਿਰੇ ਪੁੱਠੇ ਕਾਮੇ ( ‘ ‘)
  2. ਦੂਹਰੇ ਪੁੱਠੇ ਕਾਮੇ ( ”  “)

1. ਜਦ ਕਿਸੇ ਦੀ ਗੱਲ ਨੂੰ ਇੰਨ-ਬਿੰਨ ਦੱਸਣਾ ਹੋਏ ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਪਰ ਜੇ ਇਸ ਵਿੱਚ ਕੋਈ ਹੋਰ ਗੱਲ ਇੰਨ-ਬਿੰਨ ਕਹਿਣੀ ਹੋਵੇ ਤਾਂ ਉਸ ਨੂੰ ਇਕਹਿਰੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ; ਜਿਵੇਂ :-

ਗੁਰਦੀਪ ਨੇ ਪ੍ਰੀਤਮ ਨੂੰ ਕਿਹਾ, ” ਤੇਰੇ ਦੋਸਤ ਨੇ ਸੁਨੇਹਾ ਭੇਜਿਆ ਹੈ, ‘ਮੇਰੇ ਭਰਾ ਦੇ ਵਿਆਹ ਵਿੱਚ ਜਰੂਰ ਆਉਣਾ’।”


0 Comments

Leave a Reply

Avatar placeholder